ਇਸ ਸਮੇਂ ਅਸੀਂ ਇੱਕ ਸੰਸਾਰ ਪੱਧਰੀ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਹਾਂ। ਸਾਡੇ ਲੋਕਾਂ ਲਈ ਇਹ ਮਹਾਂਮਾਰੀ ਅਚਾਨਕ ਸਿਰ ਪਈ ਬਿਪਤਾ ਵਾਂਗ ਹੈ। ਦੇਸ਼ ਭਰ ਵਿੱਚ ਰਹਿ ਰਹੀ ਮੌਜੂਦਾ ਮਾਨਵ ਪੀੜ੍ਹੀ ਲਈ ਇਹ ਅਜਿਹੀ ਪਹਿਲੀ ਮਹਾਂਮਾਰੀ ਹੈ, ਜਿਸ ਦਾ ਸਾਹਮਣਾ ਉਸ ਨੂੰ ਕਰਨਾ ਪੈ ਰਿਹਾ ਹੈ। ਮਨੁੱਖੀ ਇਤਿਹਾਸ ਗਵਾਹ ਹੈ ਕਿ ਮਨੁੱਖ ਜਾਤੀ ਨੂੰ ਸਮੇਂ-ਸਮੇਂ ਉੱਤੇ ਇਸ ਤਰ੍ਹਾਂ ਦੀਆਂ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਤੇ ਭਾਰੀ ਜਾਨੀ ਨੁਕਸਾਨ ਵੀ ਝੱਲਣਾ ਪੈਂਦਾ ਰਿਹਾ ਹੈ।

1918 ਵਿੱਚ ਸਪੈਨਿਸ਼ ਫਲੂ ਮਹਾਂਮਾਰੀ ਅਮਰੀਕਾ ਤੋਂ ਸ਼ੁਰੂ ਹੋ ਕੇ ਕੁਝ ਹੀ ਦਿਨਾਂ ਵਿੱਚ ਸਾਰੀ ਦੁਨੀਆ ਵਿੱਚ ਫੈਲ ਗਈ ਸੀ। ਇੱਕ ਅੰਦਾਜ਼ੇ ਮੁਤਾਬਕ ਉਸ ਸਮੇਂ ਇਸ ਮਹਾਂਮਾਰੀ ਨਾਲ ਲੱਗਭੱਗ 8 ਕਰੋੜ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ। ਸਾਡੇ ਆਪਣੇ ਦੇਸ਼ ਵਿੱਚ ਇਸ ਨੇ ਕਿੰਨੀਆਂ ਜਾਨਾਂ ਲਈਆਂ, ਉਸ ਬਾਰੇ ਵੱਖ-ਵੱਖ ਅੰਦਾਜ਼ੇ ਹਨ, ਕੋਈ ਇੱਕ ਕਰੋੜ ਦਾ ਅੰਕੜਾ ਦੱਸਦਾ ਹੈ ਤੇ ਕੋਈ 2 ਕਰੋੜ ਦਾ। ਜੇ ਅਸੀਂ ਜਨਸੰਖਿਆ ਦੇ ਅੰਕੜਿਆਂ ਉਤੇ ਨਿਗ੍ਹਾ ਮਾਰੀਏ ਤਾਂ ਇਨ੍ਹਾਂ ਮੌਤਾਂ ਦੀ ਗਿਣਤੀ ਲੱਗਭੱਗ ਡੇਢ ਕਰੋੜ ਬਣਦੀ ਹੈ। ਸਾਡੇ ਦੇਸ਼ ਦੀ 1901 ਵਿੱਚ ਅਬਾਦੀ 23 ਕਰੋੜ 80 ਲੱਖ ਦੇ ਕਰੀਬ ਸੀ। 1910 ਦੇ ਅੰਕੜਿਆਂ ਮੁਤਾਬਕ ਅਬਾਦੀ ਵਿੱਚ ਇੱਕ ਕਰੋੜ ਚਾਲੀ ਲੱਖ ਦਾ ਵਾਧਾ ਹੋ ਕੇ ਇਹ 25 ਕਰੋੜ 20 ਲੱਖ ਹੋ ਗਈ ਸੀ, ਪਰ 1921 ਦੇ ਅੰਕੜਿਆਂ ਮੁਤਾਬਕ ਅਬਾਦੀ 10 ਲੱਖ ਘਟ ਕੇ 25 ਕਰੋੜ 10 ਲੱਖ ਹੋ ਗਈ ਸੀ। ਸਪੈਨਿਸ਼ ਫਲੂ 1918 ਵਿੱਚ ਫੈਲਿਆ ਸੀ। ਉਕਤ ਹਿਸਾਬ ਮੁਤਾਬਕ ਅਬਾਦੀ ਵਿੱਚ ਹੋਣ ਵਾਲਾ ਵਾਧਾ ਇੱਕ ਕਰੋੜ 40 ਲੱਖ ਤੇ ਘਟੀ ਅਬਾਦੀ  ਦਾ ਅੰਕੜਾ 10 ਲੱਖ ਜੋੜ ਲਿਆ ਜਾਵੇ ਤਾਂ ਸਪੈਨਿਸ ਫਲੂ ਰਾਹੀਂ ਮਰਨ ਵਾਲਿਆਂ ਦੀ ਗਿਣਤੀ 150 ਕਰੋੜ ਦੇ ਲੱਗਭੱਗ ਹੋ ਜਾਂਦੀ ਹੈ।

ਕੋਰੋਨਾ ਵਾਇਰਸ ਜਾਂ ਕੋਵਿਡ-19 ਵੀ ਸਪੈਨਿਸ਼ ਫਲੂ ਵਾਂਗ ਹੀ ਲਾਗ ਦੀ ਬਿਮਾਰੀ ਹੈ। ਦੋਹਾਂ ਬਿਮਾਰੀਆਂ ਦਾ ਲੱਛਣ ਵੀ ਇਕੋ ਜਿਹਾ ਹੈ ਕਿ ਇਹ ਸਾਡੇ ਸੁਆਸ ਤੰਤਰ ਨੂੰ ਤਬਾਹ ਕਰਦੀਆਂ ਹਨ। ਅੱਜ ਅਸੀਂ ਉਸ ਮਹਾਂਮਾਰੀ ਦੇ ਸਮੇਂ ਨਾਲੋਂ ਲੱਗਭੱਗ ਸੌ ਸਾਲ ਅੱਗੇ ਪਹੁੰਚ ਚੁੱਕੇ ਹਾਂ। ਇਸ ਲਈ ਅੱਜ ਦੀਆਂ ਕੁਝ ਸਥਿਤੀਆਂ ਮਾਨਵ ਜਾਤੀ ਲਈ ਸਹਾਈ ਹਨ ਤੇ ਕੁਝ ਮਹਾਂਮਾਰੀ ਦੇ ਵਧਣ ਲਈ। ਉਸ ਸਮੇਂ ਸਾਡਾ ਸਮਾਜ ਵੱਖਰੇ-ਵੱਖਰੇ ਸਮੂਹਾਂ ਵਿੱਚ ਰਹਿੰਦਾ ਸੀ। ਪਿੰਡ ਆਤਮ ਨਿਰਭਰ ਸਨ। ਆਵਾਜਾਈ ਦੇ ਸਾਧਨ ਨਾ-ਮਾਤਰ ਸਨ। ਸ਼ਹਿਰਾਂ ਨੂੰ ਛੱਡ ਲਈਏ ਤਾਂ ਪਿੰਡਾਂ ਵਿੱਚ ਕੁਦਰਤੀ ਲਾਕਡਾਊਨ ਵਾਲੀ ਹਾਲਤ ਸੀ। ਕੁਦਰਤ ਨਾਲ ਇੱਕਸੁਰਤਾ, ਸ਼ੁੱਧ ਭੋਜਨ ਤੇ ਸ਼ੁੱਧ ਆਬੋ-ਹਵਾ ਕਾਰਨ ਮਨੁੱਖਾਂ ਵਿੱਚ ਰੋਗ ਪ੍ਰਤੀਰੋਧਕ ਸਮਰੱਥਾ ਉਨ੍ਹਾਂ ਦੇ ਸਰੀਰਾਂ ਲਈ ਕਵਚ ਦਾ ਕੰਮ ਕਰਦੀ ਸੀ।

ਇਸ ਦੇ ਮੁਕਾਬਲੇ ਕੋਰੋਨਾ ਦੇ ਫੈਲਣ ਲਈ ਅੱਜ ਦੇ ਹਾਲਾਤ ਜ਼ਿਆਦਾ ਅਨੁਕੂਲ ਹਨ। ਆਵਾਜਾਈ ਦੇ ਸਾਧਨ, ਸੰਘਣੀ ਅਬਾਦੀ, ਸਮੁੱਚੀ ਮਨੁੱਖ ਜਾਤੀ ਦਾ ਸਮਾਜੀਕਰਣ ਤੇ ਇੱਕ-ਦੂਜੇ ਉੱਤੇ ਨਿਰਭਰਤਾ ਇਸ ਦੇ ਫੈਲਾਅ ਲਈ ਬਾਹਰੀ ਕਾਰਨ ਮੌਜੂਦ ਸਨ। ਅੰਦਰੂਨੀ ਤੌਰ ਉੱਤੇ ਜ਼ਹਿਰੀ ਹਵਾ, ਗੰਧਲੇ ਪਾਣੀ, ਅਸ਼ੁੱਧ ਭੋਜਨ ਤੇ ਕੁਦਰਤ ਤੋਂ ਦੂਰੀ ਨੇ ਸਾਡੀ ਪ੍ਰਤੀਰੋਧਕ ਸਮਰੱਥਾ ਨੂੰ ਏਨਾ ਕਮਜ਼ੋਰ ਕਰ ਦਿੱਤਾ ਹੈ ਕਿ ਅਸੀਂ ਕਈ-ਕਈ ਬਿਮਾਰੀਆਂ ਸਹੇੜੀ ਫਿਰਦੇ ਹਾਂ।

ਕੋਰੋਨਾ ਵਿਰੁੱਧ ਜੰਗ ਸਮੇਂ ਜੇਕਰ ਸਾਡੇ ਲਈ ਕੋਈ ਆਸ ਦੀ ਕਿਰਨ ਹੈ ਤਾਂ ਉਹ ਹੈ ਅਜੋਕੀ ਵਿਗਿਆਨਕ ਤਰੱਕੀ। ਇਸ ਬਿਮਾਰੀ ਨੂੰ ਰੋਕਿਆ ਉਦੋਂ ਹੀ ਜਾ ਸਕੇਗਾ। ਜਦੋਂ ਇਸ ਦਾ ਕੋਈ ਸਥਾਈ ਇਲਾਜ ਖੋਜ ਲਿਆ ਜਾਵੇਗਾ। ਸੋਸ਼ਲ ਮੀਡੀਆ ਦੇ 'ਸੂਰਮੇ' ਭਾਵੇਂ ਨਿੱਤ ਕਿਸੇ ਨਵੀਂ ਦਵਾਈ ਦੀ ਖੋਜ ਕਰ ਲੈਂਦੇ ਹਨ ਪਰ ਸਿਹਤ ਵਿਗਿਆਨੀਆਂ ਮੁਤਾਬਕ ਕੋਰੋਨਾ ਵਾਇਰਸ ਦੇ ਟੀਕੇ ਜਾਂ ਦਵਾਈ ਦੀ ਖੋਜ ਵਿੱਚ ਡੇਢ ਤੋਂ ਦੋ ਸਾਲ ਲੱਗ ਸਕਦੇ ਹਨ। ਜੇਕਰ ਇਹ ਟੀਕਾ ਖੋਜ ਵੀ ਲਿਆ ਜਾਂਦਾ ਹੈ ਤਾਂ ਪਹਿਲਾਂ ਵਿਕਸਤ ਦੇਸ਼ਾਂ ਵਿੱਚ ਇਸ ਨੂੰ ਖਰੀਦਣ ਦੀ ਹੋੜ ਲੱਗੇਗੀ ਤੇ ਫਿਰ ਵਿਕਾਸਸ਼ੀਲ ਜਾਂ ਗ਼ਰੀਬ ਦੇਸ਼ਾਂ ਦੀ ਵਾਰੀ ਆਵੇਗੀ। ਸਾਡੇ ਦੇਸ਼ ਦੇ ਹਾਕਮਾਂ ਤੋਂ ਇਹ ਤਾਂ ਆਸ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਅੰਧ-ਵਿਸ਼ਵਾਸਾਂ ਦੇ ਧੁੰਦੂਕਾਰੇ ਵਿੱਚੋਂ ਨਿਕਲ ਕੇ ਵਿਗਿਆਨਕ ਖੋਜਾਂ ਨੂੰ ਪ੍ਰਫੁੱਲਤ ਕਰਨ ਵੱਲ ਵੀ ਕੋਈ ਧਿਆਨ ਦੇਣਗੇ।

ਜਿੰਨਾ ਚਿਰ ਕੋਰੋਨਾ ਬਿਮਾਰੀ ਦੀ ਕੋਈ ਦਵਾਈ ਨਹੀਂ ਖੋਜੀ ਜਾਂਦੀ, ਓਨਾ ਚਿਰ ਸਾਨੂੰ ਮੌਜੂਦ ਸਿਹਤ ਪ੍ਰਬੰਧਾਂ ਉੱਤੇ ਨਿਰਭਰ ਰਹਿਣਾ ਪਵੇਗਾ। ਪਰ ਸਾਡੇ ਸਰਕਾਰੀ ਹਸਪਤਾਲਾਂ ਦੀ ਜੋ ਸਥਿਤੀ ਹੈ, ਉਹ ਕਿਸੇ ਤੋਂ ਗੁੱਝੀ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿੱਚ 10 ਹਜ਼ਾਰ ਲੋਕਾਂ ਲਈ 7 ਹਸਪਤਾਲ ਬੈੱਡ ਹਨ। ਇਨ੍ਹਾਂ ਬੈੱਡਾਂ ਵਿੱਚੋਂ ਵੀ ਬਹੁਤ ਥੋੜ੍ਹੇ ਹਨ, ਜਿਨ੍ਹਾਂ 'ਤੇ ਪਏ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ  ਸਹੂਲਤਾਂ ਹਨ। ਦੇਸ਼ ਵਿੱਚ ਸਿਹਤ ਅਮਲੇ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮੀਆਂ ਦੀ ਭਾਰੀ ਕਮੀ ਹੈ। ਹਾਕਮਾਂ ਦਾ ਕੋਰੋਨਾ ਨਾਲ ਨਜਿੱਠਣ ਨਾਲੋਂ  ਇਸ ਬਿਮਾਰੀ ਦੀ ਆੜ ਵਿੱਚ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਵੱਲ ਵੱਧ ਧਿਆਨ ਹੈ।

ਇਸ ਲਈ ਸਾਨੂੰ ਸਭ ਨੂੰ ਇਹ ਸਮਝ ਕੇ ਚੱਲਣਾ ਪਵੇਗਾ ਕਿ ਆਤਮ ਰੱਖਿਆ ਨਾਲ ਹੀ ਅਸੀਂ ਇਸ ਨਾਮੁਰਾਦ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਜ਼ਰਾ ਜਿੰਨੀ ਵੀ ਲਾਪਰਵਾਹੀ ਜਾਨਲੇਵਾ ਹੋ ਸਕਦੀ ਹੈ। ਦੇਸ਼ ਦੇ ਸਿਹਤ ਕਾਮਿਆਂ ਹੀ ਨਹੀਂ, ਸਮੁੱਚੇ ਦੇਸ਼ ਦੇ ਨਾਗਰਿਕਾਂ ਨੂੰ ਇਸ ਬਿਮਾਰੀ ਵਿਰੁੱਧ ਸੈਨਿਕਾਂ ਵਾਂਗ ਲੜਨਾ ਪਵੇਗਾ। ਸਿਹਤ ਕਾਮਿਆਂ ਵੱਲੋਂ ਦੱਸੀ ਜਾਂਦੀ ਹਰ ਸਾਵਧਾਨੀ ਉੱਤੇ ਅਮਲ ਕਰਦਿਆਂ ਤੇ ਫ਼ਿਰਕੂ ਵੰਡੀਆਂ ਪਾਉਣ ਵਾਲਿਆਂ ਨੂੰ ਬੇਨਕਾਬ ਕਰਦਿਆਂ ਹਰ ਨਾਗਰਿਕ ਨੂੰ ਚੌਕਸ ਰਹਿਣਾ ਪਵੇਗਾ। ਇਸ ਦੇ ਨਾਲ ਹੀ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਤੇ ਹਰ ਲੋੜਵੰਦ ਲਈ ਭੋਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਹਾਕਮਾਂ 'ਤੇ ਲਗਾਤਾਰ ਦਬਾਅ ਬਣਾ ਕੇ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾ ਕੇ ਹੀ ਅਸੀਂ ਇਸ ਮਹਾਂਮਾਰੀ ਨੂੰ ਹਰਾ ਸਕਦੇ ਹਾਂ।

ਲਿਖਤ

ਕੁਨਾਲ ਗੁਪਤਾ 

ਮੋ: 9417821992