PUNJAB WEATHER

ਲਾਕਡਾਉਨ ਨੇ ਸਿਖਾਏ ਜ਼ਿੰਦਗੀ ਜਿਉਣ ਦੇ ਕੁਝ ਚੰਗੇ ਨੁਕਤੇ: ਕੁਨਾਲ ਗੁਪਤਾ

Kunal Gupta, Kunal GuptaJalandhar, Pockdown Essay

ਲਾਕਡਾਉਨ ਨੇ ਸਿਖਾਏ ਜ਼ਿੰਦਗੀ ਜਿਉਣ ਦੇ ਕੁਝ ਚੰਗੇ ਨੁਕਤੇ: ਕੁਨਾਲ ਗੁਪਤਾ

ਇਤਿਹਾਸ ਵਿੱਚ ਸਮੇਂ ਸਮੇਂ ਤੇ ਬੜੀਆਂ ਆਫ਼ਤਾਂ ਅਤੇ ਬਿਮਾਰੀਆਂ ਆਈਆਂ। ਇੱਕ ਨਹੀਂ ਅਨੇਕਾਂ ਵਾਰ ਵੱਡੀ ਪੱਧਰ ਤੇ ਜਾਨੀ ਨੁਕਸਾਨ ਵੀ ਹੋਇਆ। ਇਹਨਾਂ ਵਿਚੋਂ ਜਿਆਦਾਤਰ ਬਿਮਾਰੀਆਂ ਦਾ ਫੈਲਾਅ ਕੁਝ ਦੇਸ਼ਾਂ ਤੱਕ ਹੀ ਸੀਮਤ ਹੁੰਦਾ ਸੀ।ਪਰ ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਕੁਝ ਹਫਤਿਆਂ ਵਿੱਚ ਹੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਨਾਲ ਲੱਗਭੱਗ ਹਰ ਦੇਸ਼ ਅਤੇ ਹਰ ਨਾਗਰਿਕ ਪ੍ਰਭਾਵਿਤ ਹੋਇਆ ਹੈ। ਇਸ ਬਿਮਾਰੀ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਧੇਰੇ ਦੇਸ਼ਾਂ ਵਿੱਚ ਲਾਕਡਾਉਨ ਕਾਰਨ ਜਿੰਦਗੀ ਦੀ ਰਫਤਾਰ ਇੱਕਦਮ ਰੁੱਕ ਗਈ ਹੈ। ਹਰ ਤਰ੍ਹਾਂ ਦਾ ਕੰਮ ਕਾਰ ਬੰਦ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਈਆਂ ੳੁੱਥੇ ਬਹੁਤ ਸਾਰੇ ਕੰਮਕਾਜੀ ਲੋਕਾਂ ਦਾ ਗੁਜ਼ਾਰਾ ਵੀ ਔਖਾ ਹੋ ਗਿਆ ਹੈ। ਕਿਉਂਕਿ ਮਜਦੂਰਾਂ, ਸਵੈ-ਰੁਜ਼ਗਾਰਾਂ, ਦੁਕਾਨਦਾਰਾਂ ਆਦਿ ਦੀ ਰੋਜ਼ਾਨਾ ਜਾਂ ਮਹੀਨਾਵਾਰ ਕਮਾਈ ਉੱਤੇ ਹੀ ਸਾਰੀ ਤਰਾਂ ਦੇ ਖਰਚ ਨਿਰਭਰ ਕਰਦੇ ਹਨ। ਕਮਾਈ ਇੱਕਦਮ ਰੁੱਕ ਜਾਣ ਨਾਲ ਜਿੱਥੇ ਰੋਟੀ ਪਾਣੀ ਦੇ ਖਰਚ ਮੁਸ਼ਕਲ ਹੋ ਗਿਆ ਹੈ ੳੁੱਥੇ ਉਨ੍ਹਾ ਨੂੰ ਵੱਖ ਵੱਖ ਕੰਮਾਂ ਲਈ ਚੁੱਕੇ ਕਰਜ਼ ਦੀ ਵਾਪਸੀ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਪ੍ਰਾਈਵੇਟ ਹਸਪਤਾਲ ਬੰਦ ਰਹਿਣ ਅਤੇ ਸਿਹਤ ਵਿਭਾਗ ਦਾ ਅਮਲਾ ਕਰੋਨਾ ਮਹਾਂਮਾਰੀ ਵਿੱਚ ਲੱਗੇ ਹੋਣ ਦੇ ਕਾਰਨ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਸਕੂਲ, ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਇੱਥੋਂ ਤੱਕ ਕਿ ਕੁਝ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚਕਾਰ ਹੀ ਰਹਿ ਗਈਆਂ। ਆਵਾਜਾਈ ਬੰਦ ਹੋਣ ਕਾਰਨ ਬਹੁਤ ਸਾਰੇ ਲੋਕ ਵੱਖ ਵੱਖ ਥਾਵਾਂ ਤੇ ਬਾਹਰ ਵੀ ਫਸੇ ਰਹੇ। ਬੜੀਆਂ ਮੁਸ਼ਕਿਲਾਂ ਨਾਲ ਉਹ ਆਪਣੇ ਘਰਾਂ ਤੱਕ ਪਹੁੰਚੇ। ਇਸ ਤਰ੍ਹਾਂ ਇਸ ਮਹਾਂਮਾਰੀ ਦੇ ਪ੍ਰਕੋਪ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ।

ਜਿਵੇਂ ਕਿ ਅਸੀਂ ਜਾਣਦੇ ਹਾਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਜਿੱਥੇ ਇਸ ਮਹਾਂਮਾਰੀ ਦੇ ਕਾਰਨ ਬਹੁਤ ਸਾਰਾ ਨੁਕਸਾਨ ਹੋਇਆ ੳਥੇ ਇਸਨੇ ਜ਼ਿੰਦਗੀ ਜਿਉਣ ਦੇ ਕੁਝ ਚੰਗੇ ਨੁਕਤੇ ਵੀ ਸਿਖਾਏ ਹਨ। ਇਸੇ ਲਈ ਕਹਿੰਦੇ ਹਨ ਕਿ ਸਮਾਂ ਸਭ ਤੋਂ ਵੱਡਾ ਗੁਰੂ ਹੈ। ਇਸ ਲਾਕਡਾਉਨ ਤੋਂ ਬਹੁਤ ਸਾਰੇ ਸਬਕ ਸਿੱਖਣ ਦੀ ਲੋੜ ਹੈ। ਲਾਕਡਾਉਨ ਦੌਰਾਨ ਬਹੁਤ ਸਾਰੇ ਅਜਿਹੇ ਤਜਰਬੇ ਹੋਏ ਹਨ ਜਿਨ੍ਹਾਂ ਦੇ ਪਰਿਣਾਮ ਵੇਖਕੇ ਉਹਨਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਦੀ ਚਰਚਾ ਅੱਗੇ ਕਰਦੇ ਹਾਂ :

ਪ੍ਰਦੂਸ਼ਣ ਤੋਂ ਨਿਜਾਤ : ਮੋਟਰ ਗੱਡੀਆਂ ਅਤੇ ਕਾਰਖਾਨਿਆਂ ਦੀ ਬਹੁਤਾਤ ਕਾਰਨ ਇਨ੍ਹਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਨੂੰ ਦਿਨੋ ਦਿਨ ਪ੍ਰਦੂਸ਼ਿਤ ਕਰ ਰਿਹਾ ਹੈ। ਹਵਾ ਇੰਨੀ ਗੰਧਲੀ ਹੋ ਰਹੀ ਹੈ ਕਿ ਇੱਕ ਦਿਨ ਇਸ ਵਿੱਚ ਸਾਹ ਲੈਣਾ ਔਖਾ ਹੋ ਜਾਵੇਗਾ। ਲਾਕਡਾਉਨ ਕਾਰਨ ਮੋਟਰ ਗੱਡੀਆਂ ਅਤੇ ਕਾਰਖਾਨੇ ਬੰਦ ਹੋਣ ਨਾਲ ਹਵਾ ਦੇ ਇਨਡੈਕਸ ਵਿੱਚ ਕਾਫੀ ਸੁਧਾਰ ਹੋਇਆ ਹੈ। ਲਾਕਡਾਉਨ ਤੋਂ ਬਿਨਾਂ ਇੰਨਾ ਨੂੰ ਰੋਕ ਪਾਉਣਾ ਨਾਮੁਮਕਿਨ ਸੀ। ਹੁਣ ਤਾਂ ਹਵਾ ਇੰਨੀ ਸਾਫ ਹੋ ਗਈ ਹੈ ਕਿ ਹਿਮਾਲਿਆ ਦੇ ਪਹਾੜ ਵੀ ਕਾਫੀ ਦੂਰੀ ਤੋਂ ਨਜ਼ਰ ਆਉਣ ਲੱਗ ਪਏ ਹਨ। ਕਾਰਖਾਨੇ ਬੰਦ ਹੋਣ ਨਾਲ ਸਮੁੰਦਰਾਂ ਅਤੇ ਨਦੀਆਂ ਦਾ ਪਾਣੀ ਵੀ ਸਾਫ ਹੋ ਗਿਆ ਹੈ। ਇਸ ਸੁਧਾਰ ਨੂੰ ਵੇਖਦਿਆਂ ਹਰ ਸਾਲ ਕੁੱਝ ਦਿਨ ਲਾਕਡਾਉਨ ਕਰਨ ਦੀ ਮੰਗ ਜੋੰਰ ਫੜਨ ਲੱਗੀ ਹੈ।

ਸਾਦੇ ਪ੍ਰੋਗਰਾਮ : ਮਜਬੂਰੀ ਬਸ ਹੀ ਸਹੀ ਲੋਕਾਂ ਨੇ ਲਾਕਡਾਉਨ ਦੌਰਾਨ ਵਿਆਹ ਬੜੇ ਸਾਦੇ ਤਰੀਕੇ ਨਾਲ ਕੀਤੇ। ਹਜ਼ਾਰਾਂ ਬਰਾਤੀਆਂ ਦੀ ਥਾਂ ਤੇ 5-10 ਬਰਾਤੀ ਲਿਜਾ ਕੇ ਵੀ ਵਿਆਹ ਸੰਪੂਰਨ ਹੋਏ। ਆਮ ਹਾਲਤਾਂ ਵਿੱਚ ਇਹਨਾ ਵਿਆਹਾਂ ‘ਤੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਰੁਪਏ ਖਰਚ ਹੋਣੇ ਸਨ। ਅਸੀਂ ਲੋਕ ਦਿਖਾਵੇ ਲਈ ਕਰਜ਼ਾ ਚੁੱਕ ਚੁੱਕ ਕੇ ਵਿਆਹਾਂ ਉੱਤੇ ਫਜ਼ੂਲ ਖਰਚੀ ਕਰਦੇ ਹਾਂ। ਇੱਕ ਦਿਨ ਦਾ ਵਿਖਾਵਾ ਸਾਨੂੰ ਸਾਰੀ ਉਮਰ ਲਈ ਕਰਜ਼ ਵਿੱਚ ਡੋਬ ਦਿੰਦਾ ਹੈ। ਜਦੋਂ ਕਿ ਵਿਆਹ ਸਾਦੇ ਤਰੀਕੇ ਨਾਲ ਵੀ ਹੋ ਸਕਦੇ ਹਨ ਇਹ ਸਮਝਣ ਦੀ ਲੋੜ ਹੈ। ਇਸ ਤੋਂ ਇਲਾਵਾ ਲੋਕ ਮਰਗ ਦੇ ਭੋਗਾਂ ਅਤੇ ਹੋਰ ਪ੍ਰੋਗਰਾਮਾਂ ਤੇ ਵੀ ਬਹੁਤ ਖਰਚਾ ਕਰਨ ਲੱਗੇ ਹਨ। ਲਾਕਡਾਉਨ ਦੌਰਾਨ ਉਹ ਵੀ ਕਾਫੀ ਘਟਿਆ ਹੈ। ਇਸ ਰਿਵਾਜ਼ ਨੂੰ ਜਾਰੀ ਰੱਖਣ ਦੀ ਜਰੂਰਤ ਹੈ।

ਫਜ਼ੂਲ ਖਰਚੇ ਘਟਾਏ : ਅਸੀਂ ਭਾਰਤੀ ਲੋਕ ਵਧੇਰੇ ਸਮਾਜਿਕ ਹਾਂ। ਜਰੂਰੀ ਸਮਾਗਮਾਂ ਦੇ ਨਾਲ ਨਾਲ ਅਸੀਂ ਫਾਲਤੂ ਵਿੱਚ ਵੀ ਵਧੇਰੇ ਆਉਣ ਜਾਣ ਰੱਖਦੇ ਹਾਂ। ਖਾਸ ਕਰ ਅੰਨੇਵਾਹ ਧਾਰਮਿਕ ਯਾਤਰਾਵਾਂ ਦਾ ਚਲਨ ਆਮ ਵੇਖਿਆ ਜਾਂਦਾ ਹੈ। ਜਿਨ੍ਹਾਂ ਉੱਤੇ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਹੁੰਦਾ ਹੈ। ਪਰ ਉਨ੍ਹਾਂ ਬਿਨਾਂ ਸਰ ਸਕਦਾ ਹੈ ਇਹ ਲਾਕਡਾਉਨ ਨੇ ਸਾਨੂੰ ਸਿਖਾਇਆ ਹੈ। ਘਰ ਰਹਿ ਕੇ ਘਰ ਦੀਆਂ ਬਣੀਆਂ ਹੋਈਆਂ ਚੀਜਾਂ ਖਾ ਕੇ ਅਹਿਸਾਸ ਹੋਇਆ ਕਿ ਅਸੀਂ ਬਾਹਰ ਦਾ ਖਾ ਕੇ ਅੈਵੇਂ ਸਿਹਤ ਅਤੇ ਪੈਸੇ ਦੀ ਬਰਬਾਦੀ ਕਰਦੇ ਰਹੇ। ਇਸ ਨਾਲ ਪੈਸੇ ਦੀ ਦੌੜ ਵਿੱਚ ਘਰਦਿਆਂ ਤੋਂ ਬਣਾਈਆਂ ਦੂਰੀਆਂ ਵੀ ਘੱਟ ਹੋਈਆਂ ਹਨ। ਆਵਾਜਾਈ ਰੁਕਣ ਨਾਲ ਸੜਕਾਂ ‘ਤੇ ਹੁੰਦੇ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਕਮੀ ਆਈ ਹੈ। ਇਸ ਤੋਂ ਇਲਾਵਾ ਕੁਝ ਲਾਲਚੀ ਡਾਕਟਰਾਂ ਵਲੋਂ ਨਿਰੋਲ ਕਮਾਈ ਲਈ ਕਰਵਾਏ ਜਾਂਦੇ ਟੈਸਟ ਅਤੇ ਦਿੱਤੇ ਜਾਂਦੇ ਦਵਾਈਆਂ ਦੇ ਥੱਬਿਆਂ ਦੁਆਰਾ ਲੋਕਾਂ ਦੀ ਹੁੰਦੀ ਆਰਥਿਕ ਲੁੱਟ ਵੀ ਰੁਕੀ ਹੈ। ਕਈ ਤਾਂ ਬਿਨਾ ਦਵਾਈਆਂ ਤੋਂ ਪਹਿਲਾਂ ਨਾਲੋਂ ਸਿਹਤਮੰਦ ਮਹਿਸੂਸ ਕਰ ਰਹੇ ਹਨ।

ਕੰਮ ਕਰਨ ਦੇ ਤਰੀਕੇ ਬਦਲੇ : ਜਿਵੇਂ ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ । ਲਾਕਡਾਉਨ ਕਾਰਨ ਲੋਕ ਬਾਹਰ ਨਹੀ ਜਾ ਸਕਦੇ ਸੀ । ਇਸ ਕਰਕੇ ਲੋਕਾਂ ਨੇ ਇੰਟਰਨੈੱਟ ਦੇ ਯੁੱਗ ਵਿੱਚ ਕੁੱਝ ਕੰਮ ਘਰ ਬੈਠੇ ਆਨਲਾਈਨ ਕਰਨੇ ਸਿੱਖੇ ਅਤੇ ਕੀਤੇ । ਖਾਸ ਤੌਰ ਤੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ। ਇਸਦੇ ਨਾਲ ਹੀ ਘਰ ਬੈਠੇ ਇੰਟਰਨੈਟ ਤੇ ਵੀਡੀਓ ਕਾਲ ਰਾਹੀਂ ਡਾਕਟਰੀ ਸਲਾਹ ਵੀ ਲਈ ਜਾਣ ਲੱਗੀ ਹੈ। ਇਸ ਵਾਸਤੇ ਪੇਂਡੂ ਖੇਤਰਾਂ ਲਈ ਪੰਜਾਬ ਸਰਕਾਰ ਨੇ ਈ ਸੰਜੀਵਨੀ ਸੇਵਾ ਸ਼ੁਰੂ ਕੀਤੀ ਹੈ। ਆਨਲਾਈਨ ਸ਼ਾਪਿੰਗ ਸਾਈਟਾਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਤੋਂ ਵੀ ਹੁਣ ਫੋਨ ‘ਤੇ ਬੁੱਕ ਕਰਵਾ ਕੇ ਘਰੇਲੂ ਸਮਾਨ ਮੰਗਵਾਇਆ ਜਾ ਹੈ। ਭੁਗਤਾਨ ਲਈ ਪੇਟੀਐੱਮ, ਗੂਗਲ ਪੇ, ਅਤੇ ਈ-ਬੈਕਿੰਗ ਸੇਵਾਵਾਂ ਦੀ ਵਰਤੋਂ ਵੀ ਆਮ ਹੋਣ ਲੱਗ ਪਈ ਹੈ। ਇਹਨਾ ਨਵੇਂ ਰੁਝਾਨਾਂ ਦਾ ਆਉਣ ਵਾਲੇ ਸਮੇਂ ਵਿੱਚ ਭਰਪੂਰ ਲਾਹਾ ਲਿਆ ਜਾ ਸਕਦਾ ਹੈ। ਭਵਿੱਖ ਵਿੱਚ ਘਰ ਤੋਂ ਬਹੁਤ ਸਾਰੇ ਆਨਲਾਈਨ ਕੰਮਾਂ ਦੀ ਸ਼ੁਰੂਆਤ ਵੱਡੇ ਪੱਧਰ ਤੇ ਕਰਕੇ ਆਵਾਜਾਈ ਦੇ ਖਰਚੇ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਸਮੇਂ ਦੀ ਬੱਚਤ ਕੀਤੀ ਜਾ ਸਕਦੀ ਹੈ।

ਪਾਖੰਡਵਾਦ ਦਾ ਪਰਦਾਫਾਸ਼ : ਖਾਸਕਰ ਸਾਡੇ ਦੇਸ਼ ਵਿੱਚ ਪਾਖੰਡ ਦਾ ਬਹੁਤ ਬੋਲਬਾਲਾ ਹੈ। ਕਿੰਨੇ ਹੀ ਪਖੰਡੀ ਬਾਬੇ ਜਾਂ ਜੋਤਸ਼ੀ ਲੋਕਾਂ ਨੂੰ ਉਨ੍ਹਾਂ ਦਾ ਭਵਿੱਖ ਦੱਸਣ ਅਤੇ ਹਰ ਇੱਕ ਬਿਮਾਰੀ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ। ਪਰ ਨਾ ਤਾਂ ਉਹ ਵਿਆਹਾਂ ਆਦਿ ਦਾ ਸ਼ੁੱਭ ਮਹੂਰਤ ਕੱਢਣ ਸਮੇਂ ਇਸ ਲਾਕਡਾਉਨ ਬਾਰੇ ਅਗਾਹ ਕਰ ਸਕੇ ਅਤੇ ਨਾ ਹੀ ਕਰੋਨਾ ਦਾ ਇਲਾਜ ਕਰਨ ਲਈ ਸਾਹਮਣੇ ਆਏ। ਸਗੋਂ ਇਸ ਮੌਕੇ ਲੋਕਾਂ ਦੀ ਰੱਖਿਆ ਕਰਨ ਦੀ ਥਾਂ ਸਭ ਖੂਡਾਂ ਵਿੱਚ ਵੜੇ ਰਹੇ। ਇਸ ਨਾਲ ਬਹੁਤੇ ਲੋਕਾਂ ਨੂੰ ਜਰੂਰ ਸਮਝ ਆ ਗਈ ਹੋਵੇਗੀ ਕਿ ਇਨ੍ਹਾਂ ਪਾਖੰਡੀਆਂ ਪਿੱਛੇ ਆਪਣੀ ਕਮਾਈ ਤੇ ਵਕਤ ਬਰਬਾਦ ਕਰਨ ਦਾ ਕੋਈ ਲਾਭ ਨਹੀਂ ਹੈ।

ਪਬਲਿਕ ਅਦਾਰਿਆਂ ਦੀ ਸਾਖ ਮਜਬੂਤ ਹੋਈ : ਪਿਛਲੇ ਸਾਲਾਂ ਵਿੱਚ ਸਰਕਾਰਾਂ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਕਰ ਰਹੀਆਂ ਹਨ। ਪਰ ਇਸ ਦੁੱਖ ਦੀ ਘੜੀ ਵਿੱਚ ਪਬਲਿਕ ਸੈਕਟਰ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਹਤ, ਪੁਲਿਸ ਅਤੇ ਸਫਾਈ ਕਰਮਚਾਰੀਆਂ ਨੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਜਦੋਂ ਪ੍ਰਾਈਵੇਟ ਅਦਾਰੇ ਲੱਗਭੱਗ ਬੰਦ ਹੀ ਰਹੇ। ਇਸ ਨਾਲ ਨਿੱਜੀਕਰਨ ਦੇ ਵਿਰੋਧ ਨੂੰ ਬਲ ਮਿਲੇਗਾ। ਇਸ ਨਾਲ ਜਨਤਾ ਦਾ ਲਗਾਅ ਸਰਕਾਰੀ ਕਰਮਚਾਰੀਆਂ ਅਤੇ ਅਦਾਰਿਆਂ ਨਾਲ ਵਧਿਆ ਹੈ। ਲੋਕਾਂ ਵੱਲੋਂ ਜਗ੍ਹਾ ਜਗ੍ਹਾ ‘ਤੇ ਸਿਹਤ , ਪੁਲਿਸ ਅਤੇ ਸਫਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ ਹੈ। ਸਾਡੇ ਦੇਸ਼ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਨੂੰ ਪੂਰੀ ਤਰ੍ਹਾਂ ਸਰਕਾਰੀ ਖੇਤਰ ਵਿੱਚ ਲਿਆਉਣ ਦੀ ਲੋੜ ਹੈ।

ਪੁਰਾਤਨ ਸਭਿਆਚਾਰ ਅਨੁਸਾਰ ਮਿਲਾਪ : ਸਾਡੇ ਸਭਿਆਚਾਰ ਨੇ ਸਾਨੂੰ ਦੂਰੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਕਰਨਾ ਸਿਖਾਇਆ ਸੀ । ਪਰ ਅਸੀਂ ਅਧੁਨਿਕਤਾ ਦੀ ਹੋੜ ਵਿੱਚ ਹੱਥ ਮਿਲਾਉਣਾ, ਗਲੇ ਮਿਲਣਾ ਰਿਵਾਜ਼ ਬਣਾ ਲਿਆ ਪਰ ਇਸ ਦੌਰ ਨੇ ਸਾਨੂੰ ਮੁੜ ਪੁਰਾਤਨ ਮਿਲਣੀ ਦਾ ਢੰਗ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ। ਹੁਣ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਅਸੀਂ ਦੂਰ ਤੋਂ ਹੀ ਫਤਿਹ ਬੁਲਾ ਰਹੇ ਹਾਂ।

ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਸੇਵਾ ਵਿੱਚ ਜੁਟੀਆਂ ਰਹੀਆਂ। ਲੰਗਰ, ਰਾਸ਼ਣ ਆਦਿ ਦੀ ਨਿਰੰਤਰ ਵੰਡ ਕਰਕੇ ਲੋਕਾਂ ਦਾ ਦਿਲ ਜਿੱਤਿਆ ਹੈ। ਜਿਸ ਨਾਲ ਮਾੜੇ ਸਮੇਂ ਵਿੱਚ ਲੋੜਵੰਦਾਂ ਦੀ ਬਾਂਹ ਫੜਨ ਦੀ ਭਾਵਨਾ ਪੈਦਾ ਹੋਈ।

ਲਾਕਡਾਉਨ ਖਤਮ ਹੋਣ ਤੋਂ ਬਾਅਦ ਜਿੰਦਗੀ ਦੀ ਗੱਡੀ ਨੂੰ ਲੀਹ ਤੇ ਲਿਆਉਣ ਲਈ ਯਤਨ ਕਰਨ ਦੇ ਨਾਲ ਨਾਲ ਇਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਪੜਚੋਲ ਕਰਨ ਅਤੇ ਚੰਗੀਆਂ ਗੱਲਾਂ ਨੂੰ ਪੱਲੇ ਬੰਨ੍ਹ ਕੇ ਜੀਵਨ ਵਿੱਚ ਅਪਣਾਉਣ ਦੀ ਅੱਜ ਮੁੱਖ ਜਰੂਰਤ ਹੈ।

 

ਲਿਖਾਰੀ

ਕੁਨਾਲ ਗੁਪਤਾ 

ਜਲੰਧਰ


5/31/2020 2:22:52 PM website company in jalandhar kids programming
Kunal Gupta, Kunal GuptaJalandhar, Pockdown Essay
Source:

Leave a comment


Latest post